‘ਖਨਿਅਹੁ ਤਿਖੀ’, ‘ਵਾਲਹੁ ਨਿਕੀ’, ‘ਏਤੁ ਮਾਰਗਿ ਜਾਣਾ’ ਤੇ ‘ਇਕ ਸਰਕਾਰ ਬਾਝੋਂ’; ਨਰਿੰਦਰਪਾਲ ਸਿੰਘ ਦੇ ਇਹ ਚਾਰ ਨਾਵਲ ਉਹ ਹਨ ਜਿਹੜੇ ਮੈਂ ਹਰ ਸਿੱਖ ਨੂੰ ਪੜ੍ਹਨ ਦੀ ਬੇਨਤੀ ਕਰਦਾ ਰਹਿੰਦਾ ਹਾਂ। ਹੁਣ ਇਹ ਚਾਰੇ ਨਾਵਲ ਇੱਕੋ ਜਿਲਦ ਵਿਚ ਵੀ ਮਿਲਦੇ ਨੇ, ਜਿਸ ਦਾ ਨਾਂ ਹੈ, ‘ਸਿਰ ਦੀਜੈ ਕਾਣ ਨਾ ਕੀਜੈ’।
ਇਹ ਨਾਵਲ ਆਮ ਬਜਾਰੂ ਨਾਵਲ ਨਹੀਂ, ਇਹ ਤਾਂ ਸਾਡੇ ਧਰਮ ਤੇ ਇਤਿਹਾਸ ਦੇ ਨਾਲ-ਨਾਲ ਸਾਡੀ ਯੁੱਧ ਕਲਾ ਬਾਰੇ ਵੀ ਦੱਸਦੇ ਹਨ ਕਿ ਕਿਵੇਂ ਸਾਡੇ ਪੁਰਖਿਆਂ ਨੇ ਸੀਸ ਤਲ਼ੀ ਉੱਤੇ ਧਰ ਕੇ ਲੋਹਾ ਲਿਆ ਤੇ ਰਾਜ-ਭਾਗ ਕਾਇਮ ਕੀਤੇ। ਇਹ ਨਾਵਲ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ‘ਲਾਸਟ ਸਮੁਰਾਈ’ ਜਾਂ ‘300’ ਵਰਗੀਆਂ ਫਿਲਮਾਂ ਤਾਂ ਸਾਡੇ ਬਜੁਰਗਾਂ ਬਾਰੇ ਵੀ ਬਣਨ ਦੀ ਲੋੜ ਹੈ। ਭਿਆਨਕ ਤੇ ਉਲਟ ਹਾਲਾਤਾਂ ਵਿਚ, ਜਦ ਸਿੱਖ ਨੂੰ ਵੇਖਣ ਸਾਰ ਮਾਰਨ ਜਾਂ ਫੜ ਲੈਣ ਦਾ ਹੁਕਮ ਹੋਵੇ, ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਹੋਵੇ, ਉਹਨਾਂ ਦਿਨਾਂ ਵਿਚ ਜਿਊਣਾ ਤੇ ਚੜ੍ਹਦੀ ਕਲਾ ਨਾਲ ਜੂਝ ਕੇ ਤਖ਼ਤਾਂ ਦੇ ਮਾਲਿਕ ਬਣਨਾ ਕਰਾਮਾਤ ਹੀ ਜਾਪਦੀ ਹੈ।
ਕਹਿੰਦੇ ਨੇ ਕਿ ਜਦ 1984 ਦੇ ਘਲੂਘਾਰੇ ਵਾਪਰੇ ਤਾਂ ਸਿੱਖਾਂ ਦਾ ਗੁਰਬਾਣੀ ਤੇ ਇਤਿਹਾਸ ਵੱਲ ਮੋੜਾ ਪੈ ਗਿਆ ਸੀ। ਜਿਹੜੇ ਸਿੱਖ ਪਰਿਵਾਰਾਂ ਨੇ ਆਧੁਨਿਕਤਾ ਦੇ ਵਹਿਣ ਵਿਚ ਵਹਿੰਦਿਆਂ ਸਿੱਖੀ ਨੂੰ ਪਿੱਠ ਦੇ ਦਿੱਤੀ ਸੀ ਉਹਨਾਂ ਪਰਿਵਾਰਾਂ ਵਿਚ ਵੀ ਨਿਤਨੇਮ ਦੇ ਗੁਟਕੇ ਆ ਗਏ ਸਨ, ਡਰਾਇੰਗ ਰੂਮ ਵਾਲੇ ਟੇਬਲ ਅਤੇ ਬੈੱਡਰੂਮ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਕਿਤਾਬਾਂ ਆ ਗਈਆਂ ਸਨ। ਘਰਾਂ ਵਿਚ ਪੀਲੇ ਪਰਨੇ ਤੇ ਦਸਤਾਰਾਂ ਦੀ ਭਰਮਾਰ ਹੋ ਗਈ ਸੀ। ਬੀਬੀਆਂ ਨੇ ਪੀਲੀਆਂ ਚੁੰਨੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ। ਗੁਰਦੁਆਰਿਆਂ ਵਿਚ ਸਿੱਖਾਂ ਦੀ ਆਮਦ ਵਧ ਗਈ ਸੀ। ਸਿੱਖਾਂ ਦੇ ਰੱਜੇ-ਪੁੱਜੇ ਵਰਗ ਨੇ ਗਵਾਂਢੀ ਗੈਰ-ਸਿੱਖਾਂ ਦਾ ਜੋ ਰਵੱਈਆ ਜੂਨ ਤੇ ਨਵੰਬਰ 1984 ਮੌਕੇ ਵੇਖਿਆ ਸੀ, ਉਸ ਮਗਰੋਂ ਇਹ ਵਰਗ ਵੀ ਸਮਝ ਗਿਆ ਕਿ ਉਸ ਦੇ ‘ਆਪਣੇ’ ਤਾਂ ਉਹ ਸਿੱਖ ਹੀ ਨੇ ਜਿਨ੍ਹਾਂ ਨਾਲੋਂ ਉਹ ਦੂਰੀ ਬਣਾਈ ਬੈਠਾ ਹੈ। ਰੱਜੇ-ਪੁੱਜੇ ਵਰਗ ਦੇ ਸਿੱਖਾਂ ਨੇ ਗੁਰਦੁਆਰਿਆਂ ਵਿਚ ਜਾ ਕੇ ਹੱਥੀ ਸੇਵਾ ਕਰ ਕੇ ਆਪਣੇ ਭਾਈਚਾਰੇ ਨਾਲ ਨੇੜਤਾ ਤੇ ਸੁਰੱਖਿਆ ਭਾਲਣੀ ਸ਼ੁਰੂ ਕਰ ਦਿੱਤੀ ਸੀ। ਪੰਥਕ ਏਕਤਾ ਆਪਣੇ-ਆਪ ਹੀ ਹੋ ਗਈ ਸੀ।
ਇਹ ‘ਕੌਮੀ ਏਕਾ’ ਉਸ ਦਰਦ, ਪੀੜ, ਸੰਤਾਪ ਵਿਚੋਂ ਪ੍ਰਗਟ ਹੋਇਆ ਜਿਹੜਾ ਪੰਜ ਸਦੀਆਂ ਦਾ ਵੈਰ ਕੱਢਣ ਵਾਲਿਆਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਵੇਲੇ ਦਿੱਤਾ ਸੀ। ਇਸ ਕੌਮੀ ਏਕੇ ਦੀ ਬਹੁਤ ਵੱਡੀ ਘਾਟ ਰਹੀ ਸੀ, ਇਹ ਘਾਟ ਪੂਰੀ ਹੋਣ ਮਗਰੋਂ ਸਿੱਖਾਂ ਦਾ ਭਵਿੱਖ ਸੁਰੱਖਿਅਤ ਹੋਣਾ, ਸਿੱਖਾਂ ਦਾ ਰਾਜ-ਭਾਗ ਬਣਨਾ ਮੁਮਕਿਨ ਸੀ ਪਰ ਮੌਕਾਪ੍ਰਸਤ ਸਿੱਖ ਆਗੂਆਂ ਨੇ ਸਿੱਖਾਂ ਨੂੰ ਫਿਰ ਓਸੇ ਭਾਰਤੀ ਮੁਖ-ਧਾਰਾ ਦੀ ਗੁਲਾਮੀ ਵਿਚ ਉਲਝਾ ਦਿੱਤਾ।
1984 ਨੇ ਸਿੱਖਾਂ ਨੂੰ ਜਿਵੇਂ ਜਗਾਇਆ ਸੀ, ਸਿੱਖ ਆਗੂਆਂ ਨੇ ਸਿੱਖਾਂ ਨੂੰ ਸਵਾਉਣ ‘ਤੇ ਜ਼ੋਰ ਲਾ ਦਿੱਤਾ। ਸ਼ਾਹ ਮੁਹੰਮਦ ਦਾ ਲਿਖਿਆ ਫੇਰ ਚੇਤੇ ਆਇਆ ਕਿ ਫੌਜਾਂ ਜਿਤਦੀਆਂ-ਜਿਤਦੀਆਂ ਹਾਰ ਰਹੀਆਂ ਨੇ।
ਅੱਜ ਸਿੱਖ ਬੜੇ ਉਲਝੇ ਹੋਏ ਨੇ। ਢਹਿੰਦੀ ਕਲਾ, ਨਿਰਾਸ਼ਾ, ਮਾਯੂਸੀ, ਬੇਕਾਰ ਗੱਲਾਂ ‘ਤੇ ਸਮਾਂ ਤੇ ਸਮਰੱਥਾ ਖ਼ਰਚਣੀ ਆਦਿਕ ਰੁਝਾਨਾਂ ਨੇ ਸਮੁੱਚੇ ਭਾਈਚਾਰੇ ਨੂੰ ਬੇਹੱਦ ਕਸੂਤੀ ਸਥਿਤੀ ਵਿਚ ਫਸਾਇਆ ਹੋਇਆ ਹੈ। ਚਾਰੇ ਪਾਸੇ ਤੋਂ ਇਹੀ ਸੁਣਦੇ ਹਾਂ ਕਿ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਵੱਲ ਮੁੜੀਏ। ਗੁਰਬਾਣੀ ਤੇ ਇਤਿਹਾਸ ਸਾਡੇ ਮਾਰਗ-ਦਰਸ਼ਕ ਹਨ। ਪਰ ਗੁਰਬਾਣੀ ਦੀ ਬ੍ਰਾਹਮਣਵਾਦੀ ਵਿਆਖਿਆ ਕਰਨ-ਕਰਾਉਣ ਵਾਲ਼ਿਆਂ ਨੇ ਸਿੱਖ ਇਤਿਹਾਸ ਵੀ ਮਨਮਰਜ਼ੀ ਦਾ ਲਿਖਵਾ ਲਿਆ ਹੈ। ਸੋ, ਗੁਰਬਾਣੀ ਦੇ ਸ਼ੁਧ ਅਰਥਾਂ ਵਾਂਗ ਸਾਨੂੰ ਸ਼ੁਧ ਇਤਿਹਾਸ ਦੀ ਵੀ ਲੋੜ ਹੈ। ਸ਼ੁੱਧ ਇਤਿਹਾਸ ਦੀ ਬਾਤ ਇਹਨਾਂ ਚਾਰ ਨਾਵਲਾਂ ਵਿਚ ਸ. ਨਰਿੰਦਰਪਾਲ ਸਿੰਘ ਨੇ ਪਾਈ ਹੈ।
ਹੁਣ ਇਹ ਚਾਰੇ ਨਾਵਲ ਇੱਕੋ ਜਿਲਦ ਵਿਚ ਵੀ ਮਿਲਦੇ ਨੇ, ਨੋਟ ਕਰ ਲਵੋ- ਜਿਸ ਦਾ ਨਾਂ ਹੈ, ‘ਸਿਰ ਦੀਜੈ ਕਾਣ ਨਾ ਕੀਜੈ’।
Sir Dije Kan Na Kije: Punjab Da Sikh Itihas 1708-1849 by: Narinderpal Singh
Availability:
In stock
INR 900.00
Additional Information
Weight | 1.100 kg |
---|
Be the first to review “Sir Dije Kan Na Kije: Punjab Da Sikh Itihas 1708-1849 by: Narinderpal Singh”
You must be logged in to post a comment.
Reviews
There are no reviews yet.