ਤੱਥ ਤੋਂ ਮਿੱਥ ਤਕ
ਪੱਥਰ ਤੋਂ ਰੰਗ ਤਕ
ਸਵੇਰ ਤੋਂ ਸ਼ਾਮ ਤਕ
ਆਰਟ ਤੋਂ ਬੰਦਗੀ ਤਕ
ਈਰਾਨ ਤੋਂ ਈਰਾਨੀ ਤਕ
ਗੌਤਮ ਤੋਂ ਤਾਸਕੀ ਤਕ
1) ਤੱਥ ਤੋਂ ਮਿੱਥ ਤਕ :
ਇਸ ਕਿਤਾਬ ਦਾ ਪਹਿਲਾ ਲੇਖ ਇਤਾਲਵੀ ਚਿੰਤਕ ‘ਵਿਟੋਰੀਓ ਅਲਫ਼ਾਇਰੀ’ ਉੱਪਰ ਹੈ। ਜਦੋਂ ਅਠਾਰ੍ਹਵੀਂ ਸਦੀ ਵਿੱਚ ਖ਼ਾਲਸਾ ਪੰਥ ਜ਼ੁਲਮੋਂ-ਸਿਤਮ ਵਿਰੁੱਧ ਤੇਗ਼ ਵਾਹ ਰਿਹਾ ਸੀ, ਓਦੋਂ ਖ਼ੁਦ ਜਲਾਵਤਨੀ ਲੈ ਕੇ ਇੰਗਲੈਂਡ ਵਿੱਚ ਅਲਫ਼ਾਇਰੀ ਜ਼ੁਲਮ ਨੂੰ ਪ੍ਰਭਾਸ਼ਿਤ ਕਰਨ ਹਿੱਤ ਕਲਮ ਵਾਹ ਰਿਹਾ ਸੀ। ਉਸ ਦੇ ਬੋਲ ਹਨ : “ਮੈਂ ਮਨੁੱਖ ਹੱਥੋਂ ਮਨੁੱਖ ਅਪਮਾਨਿਤ ਹੁੰਦਾ ਵੇਖਿਆ, ਸੰਗਲ ਵੇਖੇ, ਸੰਗਲ਼ਾਂ ਦੇ ਛਣਕਾਟੇ ਸੁਣੇ ਤੇ ਗ਼ੁਲਾਮੀ ਦਾ ਸਿਰਨਾਵਾਂ ਲੱਭਿਆ। ਮੈਂ ਆਪਣੇ ਆਪ ਨੂੰ ਕਿਹਾ, ਬਾਕੀ ਕੰਮ ਛੱਡ, ਜ਼ੁਲਮ ਬਾਰੇ ਲਿਖ, ਕੇਵਲ ਜ਼ੁਲਮ ਬਾਰੇ। ਮੈਂ ਵੀ ਮੈਕਿਆਵਲੀ ਵਾਂਗ ਆਰਾਮ ਨਾਲ਼ ਪੜ੍ਹ ਲਿਖ ਸਕਦਾ ਸੀ, ਪਰ ਮੈਨੂੰ ਤਾਬਿਆਦਾਰੀ ਮਨਜ਼ੂਰ ਨਹੀਂ ਸੀ..।”
ਇਸ ਕਿਤਾਬ ਵਿੱਚ 6 ਵਚਿੱਤਰ ਮਨੁੱਖਾਂ (ਨਾਇਕਾਂ) ਬਾਰੇ ਦੱਸਿਆ ਗਿਆ ਹੈ। ਇਹਨਾਂ ਨਾਇਕਾਂ ਵੱਲੋਂ ਪਾਏ ਯੋਗਦਾਨ ਦੀਆਂ ਗੱਲਾਂ ਲੇਖਕ ਰਸਿਕ ਸ਼ੈਲੀ ਰਾਹੀਂ ਸੁਣਾਉਂਦਾ ਹੈ। ਇਹ ਗੱਲਾਂ ਜ਼ੁਲਮ ਨੂੰ ਪ੍ਰਭਾਸ਼ਿਤ ਕਰਨ ਵਾਲ਼ੇ ਇਤਾਲਵੀ ਚਿੰਤਕ ਵਿਟੋਰੀਓ ਅਲਫ਼ਾਇਰੀ ਬਾਰੇ ਵੀ ਹਨ ਤੇ ਸਮਾਜ ਦੇ ਇੱਕ ਵੱਡੇ ਦੁਖੀ ਹਿੱਸੇ ਦੀ ਬਾਂਹ ਫੜਨ ਵਾਲੇ ਕਾਰਲ ਮਾਰਕਸ ਅਤੇ ਆਧੁਨਿਕ ਵਿਗਿਆਨ ਦੇ ਪਿਤਾਮਾ ਆਈਨਸਟੀਨ ਬਾਰੇ ਵੀ। ਮਲਿਕਾ ਵਿਕਟੋਰੀਆ ਦੇ ਅਰਦਲੀ ਦੀਆਂ ਬਾਤਾਂ ਤਾਂ ਅਦਭੁੱਤ ਕ੍ਰਿਸ਼ਮੇ ਵਾਂਗ ਹਨ। ਲੰਕਾ ਦੇ ਬਾਗ਼ੀ ਲਿਟੇ ਆਗੂ ਪ੍ਰਭਾਕਰਨ ਦੀ ਦਲੇਰੀ ਤੇ ਉਚੇਰੀ ਸੂਝ ਦੀਆਂ ਬਾਤਾਂ ਵੀ ਅਚੰਭਿਤ ਕਰਨ ਵਾਲ਼ੀਆਂ ਹਨ। ਰੰਗਾ ਦੇ ਚਿਤੇਰੇ ਸੁਖਪ੍ਰੀਤ ਸਿੰਘ ਦੀਆਂ ਵੱਡੀਆਂ ਪੁਲਾਂਘਾਂ ਉਤਸ਼ਾਹਵਰਧਕ ਹਨ। 1985 ਵਿੱਚ ਵਾਪਰੇ ਕੋਲੰਬੀਆ ਦੇ ਦੁਖਾਂਤ ਨੂੰ ਸਾਕਾ ਨੀਲਾ ਤਾਰਾ ਨਾਲ਼ ਜੋੜ ਕੇ ਲੇਖਕ ਨੇ ਸਟੇਟ ਦੇ ਵਿਹਾਰ ਨੂੰ ਵੀ ਨਸ਼ਰ ਕਰ ਦਿੱਤਾ ਹੈ।
ਇਹ ਸਾਰੇ ਬਿਰਤਾਂਤ ਪੰਜਾਬੀ ਪਾਠਕਾ ਨੂੰ ਵਚਿੱਤਰ ਅਨੁਭਾਵਾਂ ਨਾਲ਼ ਜੋੜਦੇ ਹਨ ਅਤੇ ਉਸ ਦੇ ਗਿਆਨ ਨੂੰ ਵਧਾਉਣ ਦੇ ਨਾਲ਼-ਨਾਲ਼ ਉਸ ਦੀ ਰੂਹ ਨੂੰ ਵੀ ਸ਼ਰਸਾਰ ਕਰਦੇ ਹਨ।
2) ਪੱਥਰ ਤੋਂ ਰੰਗ ਤਕ :
ਵਡੇਰਿਆਂ ਦੀ ਸਾਖੀ ਦੀ ਲੜੀ ਵਿਚ ਲੇਖਕ ਦੀ ਇਹ ਤੀਸਰੀ ਪੁਸਤਕ ਹੈ । ਇਸ ਵਿਚ ਪੰਜ ਹੋਰ ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਇਹ ਬਿਰਤਾਂਤ ਪੰਜਾਬੀ ਪਾਠਕ ਨੂੰ ਵਚਿੱਤਰ ਅਨੁਭਵਾਂ ਨਾਲ ਜੋੜਦੇ ਹਨ ਤੇ ਉਸ ਦੇ ਗਿਆਨ ਨੂੰ ਵਸੀਹ ਕਰਨ ਦੇ ਨਾਲ ਉਸ ਦੀ ਰੂਹ ਨੂੰ ਵੀ ਸਰਸ਼ਾਰ ਕਰਦੇ ਹਨ । ਕੰਨਾਂ ਰਾਹੀਂ ਸੁਣਨ-ਯੋਗ ਇਸ ਪੁਸਤਕ ਦਾ ਪਾਠ ਸੰਗ-ਦਿਲ ਨੂੰ ਵੀ ਤਰਲ ਬਣਾ ਦਿੰਦਾ ਹੈ ਤੇ ਉਦਾਸ ਵੀਰਾਨੀਆਂ ਵਿਚ ਭਟਕੇ ਰਹੇ ਮਨ ਨੂੰ ਵੀ ਬਸੰਤੀ ਖੇੜੇ ਦੇ ਸ਼ਾਹ ਮਾਰਗ ਤੇ ਤੋਰਦਾ ਹੈ ।
3) ਸਵੇਰ ਤੋਂ ਸ਼ਾਮ ਤਕ :
ਵਡੇਰਿਆਂ ਦੀ ਸਾਖੀ ਲੜੀ ਦੀ ਇਸ ਚੌਥੀ ਪੁਸਤਕ ਵਿਚ ਲੇਖਕ ਨੇ ਆਪਣੀ ਹਯਾਤ ਦੀ ਸਵੇਰ ਤੋਂ ਸ਼ਾਮ ਤਕ ਨਿੱਜ-ਸੰਪਰਕ ਵਿਚ ਆਈਆਂ ਕੁਝ ਕੱਦਾਵਰ ਸ਼ਖ਼ਸੀਅਤਾਂ ਹਨ, ਜੋ ਪਾਠਕ ਦੇ ਧੁਰ-ਅੰਦਰ ਤਕ ਸਹਿਜੇ ਹੀ ਉਤਰ ਜਾਂਦੀਆਂ ਹਨ। ਇਸ ਲਿਖਤ ਰਾਹੀਂ ਇਹਨਾਂ ਪ੍ਰੇਰਕ ਸ਼ਖ਼ਸੀਅਤਾਂ ਦੇ ਜੀਵਨ ਸਫ਼ਰ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਤੇ ਉਹਨਾਂ ਵੱਲੋਂ ਪਾਈਆਂ ਸੰਦਲੀ ਪੈੜਾਂ ਪਾਠਕ ਦੀ ਰੂਹ ਨੂੰ ਸਰਸ਼ਾਰ ਵੀ ਕਰਦੀਆਂ ਹਨ ਤੇ ਮਾਰਗ-ਦਰਸ਼ਨ ਵੀ ਕਰਦੀਆਂ ਹਨ। ਇਹ ਮਾਖਿਓਂ ਵਾਰਤਕ ਕੋਰਾ ਗਿਆਨ ਨਹੀਂ, ਪਰ ਪਾਠਕ ਦੇ ਗਿਆਨ ਨੂੰ ਵਸੀਹ ਕਰਦੀ ਹੈ ; ਸ਼ਬਦ ਕਲੋਲਾਂ ਰਾਹੀਂ ਸ਼ਬਦਾਵਲੀ ਧੁਰ ਅੰਦਰ ਲਹਿ ਜਾਂਦੀ ਹੈ ਤੇ ਮਨ-ਮੰਦਰ ਨਿਰਮਲ ਵਿਚਾਰਾਂ ਨਾਲ ਜਗ-ਮਗ ਕਰਨ ਲੱਗਦਾ ਹੈ ਇਹ ਪੁਸਤਕ ਪੰਜਾਬੀ ਵਾਰਤਕ ਵਿਚ ਰਸੀਲੇ ਤੇ ਰੌਚਿਕ ਸ਼ਬਦ-ਚਿੱਤਰਾਂ ਰਾਹੀਂ ਗੁਣਾਤਮਕ ਵਾਧਾ ਕਰ ਰਹੀ ਹੈ ।
4) ਆਰਟ ਤੋਂ ਬੰਦਗੀ ਤਕ :
ਇਸ ਪੁਸਤਕ ਵਿਚ ੮ ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਇਹ ਬਿਰਤਾਂਤ ਨਾ ਤਾਂ ਮਨੋਰੰਜਨ ਹੈ ਤੇ ਨਾ ਹੀ ਫੋਕਾ ਗਿਆਨ, ਬਲਕਿ ਇਹ ਤਾਂ ਅਮਿਓਂ ਰਸ ਭਿੱਜੇ ਝਰਨੇ ਹਨ, ਜੋ ਸੂਕੇ ਕਾਸਟ ਨੂੰ ਹਰਿਆ ਕਰਨ ਵਾਲੇ ਹਨ । ਆਪਣੇ ਵਡੇਰਿਆਂ ਦੀ ਜੜ੍ਹ ਨਾਲ ਜੁੜ ਕੇ ਹਰਿਆ-ਭਰਿਆ ਹੋਣ ਲਈ ਇਹ ਪੁਸਤਕ ਇਕ ਅਦਭੁਤ ਵਸੀਲਾ ਹੈ ।
5) ਈਰਾਨ ਤੋਂ ਈਰਾਨੀ ਤਕ :
ਈਰਾਨ ਮਾਨਵ-ਸਭਿਅਤਾ ਦਾ ਪੰਘੂੜਾ ਹੈ। ਇਸ ਦੀਆਂ ਲੋਰੀਆਂ ਨੇ ਮਨੁੱਖ ਨੂੰ ਜੀਊਣਾ ਤੇ ਥੀਣਾ ਸਿਖਾਇਆ। ਈਰਾਨ ਵਰਗੀ ਸ਼ਾਂਤ ਅਤੇ ਸਾਊ ਸਭਿਅਤ ਹੋਰ ਕੋਈ ਨਹੀਂ ਹੈ। ਈਰਾਨੀ ਖੁਦ ਤਾਂ ਸੋਹਣੇ ਹਨ ਹੀ, ਉਹਨਾਂ ਨੇ ਸੰਸਾਰ ਨੂੰ ਬਿਹਤਰੀਨ ਸੁੰਦਰ ਆਰਟ ਸਿਰਜ ਕੇ ਦਿੱਤਾ। ਈਰਾਨ ਦੇ ਫਕੀਰ ਸ਼ਾਇਰਾਂ ਦੀ ਸ਼ਾਇਰੀ, ਉਨ੍ਹਾਂ ਦੇ ਫਲਸਫੇ, ਸਾਹਿਤ, ਕੀਮੀਆਗਰੀ, ਮੈਡੀਸਨ, ਸ਼ਿਲਪਕਾਰੀ ਅਤੇ ਇਮਾਰਤਸਾਜ਼ੀ ਦੇ ਪ੍ਰਭਾਵ ਕੇਵਲ ਯੌਰਪ ਨੇ ਹੀ ਨਹੀਂ, ਬਲਕਿ ਸਾਰੀ ਦੁਨੀਆਂ ਨੇ ਕਬੂਲ ਕੀਤੇ ਹਨ। ਭਾਰਤ ਦੀ ਸਾਂਸਕ੍ਰਿਤਕ ਸਾਂਝ ਈਰਾਨ ਨਾਲ ਸਭ ਤੋਂ ਵੱਧ ਹੈ, ਪਰ ਮੁਲਕ ਦੀ ਵੰਡ ਨੇ ਇਸ ਪ੍ਰਕਿਰਤਕ ਸਾਂਝ ਵਿਚ ਰੁਕਾਵਟ ਪਾ ਦਿੱਤੀ ਹੈ। ਇਹ ਪੁਸਤਕ ਈਰਾਨ ਦੇ ਇਤਿਹਾਸ, ਕਲਚਰ ਤੇ ਧਰਮ ਦੇ ਦਿਲਚਸਪ ਤੇ ਵਿਸਤ੍ਰਿਤ ਵੇਰਵੇ ਦਿੰਦਿਆਂ ਈਰਾਨ ਵਿਚ ਆਏ ਰਾਜ ਪਲਟੇ ਦਾ ਵਿਸਥਾਰ ਸਹਿਤ ਜ਼ਿਕਰ ਕਰਦੀ ਹੈ ਤੇ ਇਸ ਸਾਂਝ ਨੂੰ ਪੁਨਰ-ਜੀਵਤ ਕਰਨ ਦਾ ਨਿਓਤਾ ਦਿੰਦੀ ਹੈ। ਪੁਸਤਕ ਦੇ ਚਾਰ ਲੇਖ ਅਰਬ-ਇਜ਼ਰਾਈਲ ਟੱਕਰ ਦੇ ਇਤਿਹਾਸ ਨੂੰ ਕੁਰੇਦ ਕੇ ਇਕ ਨਵੇਂ ਦੇਸ਼ ਦੇ ਜਨਮ ਦੀ ਗਾਥਾ ਦਾ ਸੰਤੁਲਿਤ ਤੇ ਦੋਸਤਾਨਾ ਬਿਰਤਾਂਤ ਪੇਸ਼ ਕਰਦੇ ਹਨ। ਸਦੀਆਂ ਤੋਂ ਯਹੂਦੀਆਂ ਨੂੰ ਨਫਰਤ ਦਾ ਸ਼ਿਕਾਰ ਹੋਣਾ ਪਿਆ, ਪਰ ਇਹਨਾਂ ਯੋਧਿਆਂ ਦਾ ਵਿਸ਼ਵਾਸ ਸੀ ਕਿ ਧਰਮ ਦੀ ਕਿਰਤ ਰਾਹੀਂ ਉਹ ਗ਼ੁਲਾਮੀ ਦੇ ਜੂਲੇ ਤੋਂ ਮੁਕਤ ਹੋਣਗੇ। ਅਰਬਾਂ ਦੇ ਕਰੜੇ ਵਿਰੋਧ ਦੇ ਬਾਵਜੂਦ ਉਹਨਾਂ ਨੇ ਸਖਤ ਮਿਹਨਤ ਤੇ ਸਿਦਕਦਿਲੀ ਨਾਲ ਇਸ ਧਰਤੀ ’ਤੇ ਇਹ ਮੋਅਜਜ਼ਾ ਕਰ ਵਿਖਾਇਆ। ਤੁਰਕਾਂ ਹੱਥੋਂ ਆਰਮੀਨੀ ਲੋਕਾਂ ਦੀ ਨਸਲਕੁਸ਼ੀ ਦਾ ਸੁੰਨ ਕਰਨ ਵਾਲਾ ਬਿਰਤਾਂਤ ਸਾਡੇ ਜ਼ਖਮਾਂ ਦੀ ਚੀਸ ਨੂੰ ਤਿੱਖਾ ਕਰਦਾ ਹੈ ਤੇ ਇਸ ਮਾਸੂਮ ਕੌਮ ਪ੍ਰਤਿ ਹਮਦਰਦੀ ਪੈਦਾ ਕਰਦਾ ਹੈ। ਅਣਛੋਹੇ ਵਿਸ਼ਿਆਂ ਨਾਲ ਸਾਂਝ ਪੁਆ ਕੇ ਇਹ ਪੁਸਤਕ ਸਾਡੇ ਗਿਆਨ ਦਰੀਚੇ ਨੂੰ ਮੋਕਲਾ ਕਰਦੀ ਹੈ ਅਤੇ ਸਾਡੀਆਂ ਅਕਾਂਖਿਆਵਾਂ ਦੇ ਖੰਭਾਂ ਨੂੰ ਪਰਵਾਜ਼ ਭਰਨ ਲਈ ਤਾਣ ਦਿੰਦੀ ਹੈ।
6) ਗੌਤਮ ਤੋਂ ਤਾਸਕੀ ਤਕ :
ਇਸ ਪੁਸਤਕ ਵਿਚ ਕੁਝ ਜਾਗਦੀਆਂ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਲੇਖਕ ਇਨ੍ਹਾਂ ਨਾਇਕਾਂ ਦੀਆਂ ਗੱਲਾਂ ਸਣਾਉਂਦਾ ਹੈ, ਜਿਨ੍ਹਾਂ ਰਾਹੀਂ ਉਨ੍ਹਾਂ ਦੀਆਂ ਰੂਹਾਂ ਦੇ ਦੀਦਾਰ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਨਿਕਟਤਾ ਵੀ ਹਾਸਲ ਹੁੰਦੀ ਹੈ । ਰਸੀਲੀ ਤੇ ਮੰਤਰ-ਮੁਗਧ ਕਰਨ ਵਾਲੀ ਸ਼ੈਲੀ ਵਿਚ ਲਿਖੇ ਇਹ ਬਿਰਤਾਂਤ ਪਾਠਕ ਦੀ ਰੂਹ ਨੂੰ ਹੁਲਾਰਾ ਵੀ ਦਿੰਦੇ ਹਨ ਤੇ ਉਸ ਨੂੰ ਕੁਝ ਕਰਨ ਲਈ ਪ੍ਰੇਰਿਤ ਵੀ ਕਰਦੇ ਹਨ ।
Reviews
There are no reviews yet.