ਇਸ ਪੁਸਤਕ ਵਿਚ 1947 ਦੀ ਵੰਡ ਸਮੇਂ ਉਜੜ ਕੇ ਆਏ ਪਰਿਵਾਰਾਂ ਦਾ ਹਾਲ ਦੱਸਿਆ ਹੈ । ਉਸ ਸਮੇਂ ਲੇਖਕ ਨੇ ਜੋ ਕੁਝ ਵੇਖਿਆ, ਸੁਣਿਆ ਉਸ ਨੂੰ ਸੱਚਾ ਸਮਝਦਿਆ ਇਸ ਪੁਸਤਕ ਵਿਚ ਦਰਜ ਕਰ ਦਿੱਤਾ ਹੈ ।
16 ਅਗਸਤ 1946 ਈ. ਨੂੰ ਹੋਏ ਕਲਕੱਤੇ ਅੰਦਰ ਹਿੰਦੂ ਮੁਸਲਮਾਨ ਦੰਗਿਆਂ ਵਿੱਚ ਸਿੱਖਾਂ ਦੀ ਭੂਮਿਕਾ ।
“ਇਸ ਸਾਰੇ ਫ਼ਸਾਦ ਵਿੱਚ ਸਿੱਖ ਬਿਲਕੁਲ ਤਰਫੈਣ ਰਹੇ ਸਨ।ਉਹਨਾਂ ਉਹ ਜੱਸ ਹਾਸਲ ਕੀਤਾ, ਜੋ ਕਲਗ਼ੀਧਰ ਦੇ ਬੱਚਿਆ ਦੀ ਸ਼ਾਨ ਨੂੰ ਉੱਚਾ ਕਰਨ ਵਾਲਾ ਸੀ।
ਕਲਕੱਤੇ ਵਿੱਚ ਚੱਲਣ ਵਾਲੀਆਂ ਲਾਰੀਆਂ ਤੇ ਕਾਰਾਂ ਦਾ ਬਹੁਤ ਹਿੱਸਾ ਸਿੱਖਾਂ ਦੇ ਹੱਥ ਸੀ।
ਨੌਜਵਾਨ ਸਿੰਘ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਲਾਰੀਆਂ ‘ਤੇ ਚੜ੍ਹ ਕੇ ਮੱਚਦੇ ਭਾਂਬੜਾਂ ਵਿੱਚ ਫਿਰਨ ਲੱਗੇ। ਜੇ ਕਿਤੇ ਥੋੜ੍ਹੇ ਹਿੰਦੂ ਬਹੁਤੇ ਮੁਸਲਮਾਨਾਂ ਦੇ ਘੇਰੇ ਵਿੱਚ ਕਾਬੂ ਆਏ ਹੋਏ ਵੇਖੇ, ਤਾਂ ਉਹਨਾਂ ਨੂੰ ਓਥੋਂ ਕੱਢ ਕੇ ਗੁਰਦੁਆਰੇ ਪਹੁੰਚਾਇਆ ਤੇ ਜੇ ਕਿਤੇ ਕੁਝ ਮੁਸਲਮਾਨ ਬਹੁਤੇ ਹਿੰਦੂਆਂ ਦੇ ਘੇਰੇ ਵਿੱਚ ਵੇਖੇ, ਤਾਂ ਉਹਨਾਂ ਨੂੰ ਵੀ ਓਸੇ ਤਰ੍ਹਾਂ ਆਪਣੀ ਰਾਖੀ ਵਿੱਚ ਲੈ ਕੇ ਗੁਰਦੁਆਰੇ ਅੰਦਰ ਥਾਂ ਦਿੱਤੀ ।
ਹਿੰਦੂਆਂ ਦੇ ਕਬਜ਼ੇ ਵਿੱਚੋਂ ਮੁਸਲਮ ਬੀਬੀਆਂ ਤੇ ਮੁਸਲਮਾਨਾਂ ਦੇ ਕਬਜ਼ੇ ਵਿੱਚੋਂ ਹਿੰਦੂ ਦੇਵੀਆਂ ਕੱਢ ਕੇ ਗੁਰਦੁਆਰੇ ਪਹੁੰਚਾਈਆਂ, ਜੋ ਪਿੱਛੋਂ ਅਮਨ ਹੋਣ ਉੱਤੇ ਉਹਨਾਂ ਦੇ ਅਸਲੀ ਘਰਾਂ ਵਿੱਚ ਭੇਜੀਆਂ ਗਈਆ। ਕਿਤੇ ਇੱਕ ਦੇਵੀ ਦੀ ਪਤ ਵੀ ਖ਼ਤਰੇ ਵਿੱਚ ਸੁਣੀ, ਤਾਂ ਬਿਨਾਂ ਹਿੰਦੂ ਮੁਸਲਮ ਵਿਤਕਰੇ ਦੇ ਸਿੰਘ ਓਥੇ ਜਾ ਪੁੱਜੇ ਤੇ ਜਾਨ ਹੀਲ ਕੇ ਉਸ ਦੀ ਇੱਜ਼ਤ ਬਚਾਈ ਤੇ ਆਪਣੀ ਭੈਣ ਸਮਝ ਕੇ ਉਸਦੀ ਪਤ ਦੀ ਰਾਖੀ ਕੀਤੀ।
ਏਥੇ ਹੀ ਬੱਸ ਨਹੀਂ, ਬੇਘਰਿਆਂ ਨੂੰ ਆਸਰਾ ਤੇ ਭੁੱਖਿਆਂ ਨੂੰ ਰੋਟੀ ਦੇਣ ਲਈ ਖਾਲਸੇ ਨੇ ਵਿੱਤੋਂ ਵੱਧ ਕੇ ਸੇਵਾ ਕੀਤੀ। ਕਲਕੱਤੇ ਵਰਗੇ ਸ਼ਹਿਰ ਵਿੱਚ ਆਟੇ ਦਾ ਰਾਸ਼ਣ ਹੁੰਦਿਆਂ ਹੋਇਆਂ ਵੀ ਸਿੱਖਾਂ ਨੇ ਕਈ ਦਿਨਾਂ ਤੱਕ 60 ਹਜ਼ਾਰ ਹਿੰਦੂ ਮੁਸਲਮਾਨਾਂ ਨੂੰ ਰੋਟੀ ਦਿੱਤੀ।
ਜਦੋਂ ਬਾਹਰ ਬਾਜ਼ਾਰਾਂ ਵਿੱਚ ਹਿੰਦੂ ਨੂੰ ਵੇਖ ਕੇ ਮੁਸਲਮਾਨ ਤੇ ਮੁਸਲਮਾਨ ਨੂੰ ਵੇਖ ਕੇ ਹਿੰਦੂ ਬਿਨਾਂ ਸੋਚੇ ਸਮਝੇ ਜਾਂ ਬਿਨਾਂ ਕਿਸੇ ਨਿੱਜੀ ਵੈਰ ਦੇ ਛੁਰਾ ਮਾਰ ਦੇਂਦਾ ਸੀ, ਉਸ ਵੇਲੇ ਗੁਰਦੁਆਰੇ ਅੰਦਰ ਦੋਵੇਂ ਧਿਰਾਂ ਇਕੱਠੇ ਬੈਠੇ ਰੋਟੀ ਖਾਂਦੀਆਂ ਸਨ। ਕਿਸੇ ਦੀ ਹਿੰਮਤ ਨਹੀਂ ਸੀ ਕਿ ਇੱਕ ਦੂਜੇ ਨੂੰ ਬੁਰੀ ਨਜ਼ਰ ਨਾਲ ਵੇਖ ਵੀ ਸਕੇ। ਓਸੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦਾ ਰਾਜ ਸੀ । ਕੁਝ ਹਿੰਦੂ ਤੇ ਮੁਸਲਮਾਨ ਸਿੱਖਾਂ ਨਾਲ ਨਾਰਾਜ਼ ਵੀ ਸਨ। ਉਹ ਇਸ ਵਾਸਤੇ ਕਿ ਸਿੱਖ ਉਹਨਾਂ ਦੇ ਵਿਰੋਧੀਆਂ ਦੀ ਜਾਨ ਤੇ ਇੱਜਤ ਦੀ ਰਾਖੀ ਕਰਦੇ ਹਨ, ਪਰ ਸਿੱਖ ਆਪਣੀ ਮਰਯਾਦਾ ਅਨੁਸਾਰ ਆਪਣੇ ਕੰਮ ਵਿੱਚ ਜੁੱਟੇ ਰਹੇ।
ਉਹਨਾ ਦੀ ਅਥੱਕ ਘਾਲਣਾ ਦਾ ਸਦਕਾ ਕਲਕੱਤੇ ਵਿੱਚ ਅਮਨ ਹੋ ਗਿਆ। ਸੱਚੀ ਗੱਲ ਏਹਾ ਹੈ ਕਿ ਓਥੇ ਪੁਲੀਸ ਅਮਨ ਬਹਾਲ ਨਹੀਂ ਕਰ ਸਕੀ, ਸਗੋਂ ਸਿੱਖਾਂ ਨੇ ਕੀਤਾ। “
Reviews
There are no reviews yet.