ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਤੋਂ ਬਾਅਦ ਪੰਜਾਬ ਦੇ ਸਾਰੇ ਥਾਣੇ-ਚੌਂਕੀਆਂ ਬੁੱਚੜਖ਼ਾਨਿਆਂ ਦਾ ਰੂਪ ਧਾਰ ਚੁੱਕੇ ਸਨ। ਥਾਣਿਆਂ ਵਿੱਚ ਸਿੱਖ ਨੌਜਵਾਨਾਂ ਉੱਤੇ ਤੀਜੇ ਦਰਜੇ ਦਾ ਅੱਤਿਆਚਾਰ ਕੀਤਾ ਜਾਂਦਾ। ਪੁੱਠੇ ਟੰਗਣਾ, ਚੱਡੇ ਪਾੜਨੇ, ਘੋਟਣਾ ਲਾਉਣਾ, ਲੱਤਾਂ ਉੱਤੇ ਲੋਹੇ ਦਾ ਭਾਰਾ ਜਿਹਾ ਰੁੱਲਾ ਫੇਰਨਾ, ਗੁਪਤ ਅੰਗਾਂ ਉੱਤੇ ਕਰੰਟ ਲਾਉਣਾ, ਪੱਟ ਚੀਰ ਕੇ ਵਿੱਚ ਲੂਣ ਜਾਂ ਮਿਰਚਾਂ ਭਰਨੀਆਂ, ਗਰਮ ਸਰੀਏ ਢਿੱਡ ਵਿੱਚ ਦੀ ਆਰ-ਪਾਰ ਲੰਘਾ ਦੇਣੇ, ਪਲਾਸ ਨਾਲ਼ ਨਹੁੰ ਪੁੱਟ ਦੇਣੇ; ਇਸ ਤਰ੍ਹਾਂ ਦੇ ਅੱਤਿਆਚਾਰ ਪੁਲੀਸ ਲਈ ਆਮ ਗੱਲ ਸੀ।
ਭਰਾ ਦੇ ਸਾਮ੍ਹਣੇ ਭੈਣ ਨੂੰ ਨੰਗਿਆਂ ਕਰਨਾ, ਫਿਰ ਜਬਰਦਸਤੀ ਉਸ ਦੇ ਉੱਪਰ ਲੰਮਿਆਂ ਪਾਉਣਾ। ਇਸੇ ਤਰ੍ਹਾਂ ਪਿਓ ਸਾਹਮਣੇ ਧੀ ਨੂੰ, ਪੁੱਤ ਸਾਹਮਣੇ ਮਾਂ ਨੂੰ, ਸਹੁਰੇ ਸਾਹਮਣੇ ਨੂੰਹ ਨੂੰ।
ਤੁਸੀਂ ਆਪ ਸੋਚੋ ਜਿਨ੍ਹਾਂ ਨਾਲ਼ ਇਹ ਸਭ ਕੁਝ ਬੀਤਿਆ ਹੋਵੇਗਾ, ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ।
ਫਿਰ ਜਿਸ ਤਰ੍ਹਾਂ ਅਠਾਰ੍ਹਵੀਂ ਸਦੀ ਵਿੱਚ ਸਿੱਖਾਂ ਵੱਲੋਂ ਜੰਗਲ਼ਾਂ ਦੀ ਸ਼ਰਨ ਲੈਣੀ ਪਈ, ਓਸੇ ਤਰ੍ਹਾਂ 1984 ਤੋਂ 1994 ਵਾਲ਼ੇ ਦਮਨ ਚੱਕਰ ਤੋਂ ਬਾਅਦ ਪ੍ਰਦੇਸਾਂ ਵਿੱਚ ਸ਼ਰਨ ਲੈਣੀ ਪਈ।
ਪੰਜਾਬ ਦੀ ਜਵਾਨੀ ਨੇ ਜਿਸ ਤਰ੍ਹਾਂ ਵੀ ਪ੍ਰਬੰਧ ਹੋਇਆ, ਜੁਗਾੜ ਕਰ ਕੇ ਵਿਦੇਸ਼ ਜਾਣਾ ਬਿਹਤਰ ਸਮਝਿਆ। ਹਰ ਮਾਂ-ਪਿਓ ਵੀ ਚਾਹੁੰਦਾ ਸੀ ਕਿ ਮੇਰਾ ਪੁੱਤ ਬਾਹਰ ਚਲਾ ਜਾਵੇ। ਭਾਵੇਂ ਓਥੇ ਜਾ ਕੇ ਕੁਝ ਵੀ ਨਾ ਕਰੇ ਪਰ ਉਹ ਜਿਊਂਦਾ ਤਾਂ ਰਹੇਗਾ।
ਇਸ ਦਾਸਤਾਨ ਵਿੱਚੋਂ ਮੇਰੀ ਵੀ ਇੱਕ ਦਾਸਤਾਨ ਹੈ।
ਸੰਨ 1990 ’ਚ ਸਰਕਾਰੀ ਜ਼ੁਲਮ ਤੋਂ ਤੰਗ ਆ ਕੇ ਮੈਨੂੰ ਪੰਜਾਬ ਤੋਂ ਵਿਦੇਸ਼ ਵੱਲ ਰੁਖ਼ ਕਰਨਾ ਪਿਆ। ਮੈਂ ਪੰਜਾਬ (ਭਾਰਤ) ਤੋਂ ਚੈਕੋਸਲਵਾਕੀਆ ਪਹੁੰਚਿਆ। ਫਿਰ ਡੌਂਕੀ ਲਗਾ ਕੇ ਚੈਕੋਸਲਵਾਕੀਆ ਤੋਂ ਜਰਮਨ ਪਹੁੰਚਿਆ। ਜਰਮਨ ਦਾ ਬਾਰਡਰ ਪਾਰ ਕਰ ਕੇ ਸਵਿਟਜ਼ਰਲੈਂਡ ਗਿਆ ਤੇ ਫਿਰ ਬਾਰਡਰ ਟੱਪ ਕੇ ਆਸਟਰੀਆ ਗਿਆ। ਕੀ-ਕੀ ਮੁਸ਼ਕਿਲਾਂ ਆਈਆਂ, ਕਿਹਨਾਂ ਰਾਹਾਂ ਤੋਂ ਲੰਘਣਾ ਪਿਆ, ਕੀ-ਕੀ ਜੱਫਰ ਜਾਲ਼ੇ, ਕਿਹੋ-ਕਿਹੋ ਜਿਹੇ ਲੋਕਾਂ ਨਾਲ਼ ਵਾਹ ਪਿਆ; ਪੰਜਾਬ ਤੋਂ ਆਸਟਰੀਆ ਤਕ ਦੇ ਸਫ਼ਰ ਦਾ ਇਸ ਕਿਤਾਬ ਵਿੱਚ ਵਰਣਨ ਕਰਨ ਦਾ ਯਤਨ ਕੀਤਾ ਹੈ।
– ਹਰਪ੍ਰੀਤ ਸਿੰਘ ਪੰਮਾ
Reviews
There are no reviews yet.