1) ਗੁਰਮਤਿ ਮਨੋਵਿਿਗਆਨ
2) ਗਿਆਨ ਗੀਤ
3) ਸਦਾ ਵਿਗਾਸ
4) ਅਰਦਾਸ
5) ਹਉਮੈ ਤੋਂ ਤੂੰ ਹੀ ਵੱਲ
6) ਵਿਸ਼ਵ ਅਰਦਾਸ
7) ਅਨੁਭਵ ਪ੍ਰਕਾਸ਼
1) ਗੁਰਮਤਿ ਮਨੋਵਿਿਗਆਨ
ਗੁਰਮਤਿ ਮਨੋਵਿਗਿਆਨ ਦੇ ਇਸ ਅਧਿਐਨ ਦਾ ਉਦੇਸ਼ ਪ੍ਰਾਥਮਿਕ ਸਰੋਤਾਂ ਦੇ ਆਧਾਰ ਤੇ ਗੁਰਮਤਿ ਸਿੱਧਾਤਾਂ ਦਾ ਅਧਿਐਨ ਕਰਨਾ ਹੈ । ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਮਨੋਵਿਗਿਆਨਕ ਟੈਕਸਟ ਨਹੀਂ ਹੈ । ਇਹ ਤਾਂ ਪ੍ਰਭੂ-ਭਗਤੀ ਦਾ, ਗੁਰੂਆਂ, ਭਗਤਾਂ, ਫ਼ਕੀਰਾਂ, ਭੱਟਾਂ ਆਦਿ ਦੇ ਰਚੇ ਦੈਵੀ ਸੰਗੀਤਕ ਕਾਵਿ ਦਾ ਸੰਗ੍ਰਹਿ ਹੈ । ਪਰ ਇਸ ਵਿਚ ਅਨੇਕਾਂ ਐਸੇ ਬੋਲ ਹਨ, ਜਿਨ੍ਹਾਂ ਦੀ ਸਪੱਸ਼ਟ ਮਨੋਵਿਗਿਆਨਕ ਮਹੱਤਾ ਹੈ ਤੇ ਜਿਨ੍ਹਾਂ ਦੀ ਗੁਰਮਤਿ ਅਨੁਸਾਰ ਪਰਿਭਾਸ਼ਾ ਤੇ ਵਿਆਖਿਆ ਬਾਣੀ ਨੂੰ ਸਹੀ ਪ੍ਰਕਰਣ ਵਿਚ ਸਮਝਣ ਲਈ ਸਹਾਈ ਹੋ ਸਕਦੀ ਹੈ । ਗੁਰਬਾਣੀ ਦੇ ਮਨੋਵਿਗਿਆਨਕ ਸਿੱਧਾਂਤਾਂ ਨੂੰ ਸਮਝਣਾ, ਉਨ੍ਹਾਂ ਦੀ ਉਚੇਚੀ ਵਸਤ ਨੂੰ ਪਛਾਣਨਾ ਤੇ ਉਸ ਦੇ ਅਨੁਭਵੀ ਵੇਰਵਿਆਂ ਨੂੰ ਯਥਾਸ਼ਕਤਿ ਸਪੱਸ਼ਟ ਕਰਨਾ ਇਸ ਪੁਸਤਕ ਦਾ ਮੁੱਖ ਉਦੇਸ਼ ਹੈ ।
2) ਗਿਆਨ ਗੀਤ
ਡਾ. ਜਸਵੰਤ ਸਿੰਘ ਨੇਕੀ ਨੇ ਪੰਜਾਬੀ ਭਾਸ਼ਾ ਦੀ ਝੋਲੀ ਵਿਚ ਅਨੇਕਾਂ ਕਾਵਿ-ਸੰਗ੍ਰਹਿ ਅਰਪਣ ਕਰਕੇ ਪੰਜਾਬੀ ਕਾਵਿ ਦੀ ਅਨਮੋਲ ਵਿਰਾਸਤ ਨੂੰ ਮਾਲਾਮਾਲ ਕੀਤਾ ਹੈ। ਕਾਵਿ ਰਾਹੀਂ ਆਪ ਨੇ ਅਨੁਭਵ ਦੀਆਂ ਸੂਖਮ ਪਰਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਰੂਪਮਾਨ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਗਿਆਨ ਗੀਤ ਵਿਚ ਉਨ੍ਹਾਂ ਨੇ ‘ਪ੍ਰੇਮ ਤੇ ਬਿਰਹਾ’, ‘ਕੁਦਰਤ’, ਪ੍ਰਭੂ ਨਾਲ ਵਾਰਤਾ ਤੇ ਮਿਲਾਪ’, ‘ਗੁਣ ਗਾਇਨ’, ‘ਵਹਿਗੁਰੂ ਦਾ ਭਾਣਾ’, ‘ਅਰਦਾਸ, ਨਦਰ, ਸ਼ੁਕਰਾਨਾ’, ‘ਪਛਤਾਵਾ ਤੇ ਇਕਬਾਲ’, ‘ਰਹੱਸ’, ‘ਸੰਸਾਰ ਤੋਂ ਵਿਦਾਇਗੀ’, ‘ਮਾਨਵੀ ਸਮੱਸਿਆਵਾਂ’ ਦੇ ਸਿਰਲੇਖਾਂ ਅਧੀਨ ਆਪਣੇ ਵਲਵਲਿਆਂ ਨੂੰ ਪ੍ਰਗਟਾਇਆ ਹੈ।
3) ਸਦਾ ਵਿਗਾਸ
ਸਦਾ ਵਿਗਾਸ ਦੀ ਅਧਿਆਤਮਕ ਅਵਸਥਾ ਇਕ ਅਵਿਰਲ ਤੇ ਅਮੁੱਕ ਅਵਸਥਾ ਹੁੰਦੀ ਹੈ । ਤਦ ਇਉਂ ਲੱਗਦਾ ਹੈ, ਜਿਵੇਂ ਮਹਾ-ਬ੍ਰਹਿਮੰਡ ਦਾ ਸਮਸਤ ਖੇੜਾ ਆਤਮਾ ਅੰਦਰ ਆਣ ਸਿਮਟਿਆ ਹੈ । ਹਰ ਖੇੜੇ ਵਿਚੋਂ, ਹਰ ਵਿਗਾਸ ਅੰਦਰੋਂ, ਪਰਮਾਤਮਾ ਦੀ ਆਪਣੀ ਮੁਸਕ੍ਰਾਹਟ ਝਾਤ ਮਾਰਦੀ ਹੈ । ਹਰ ਮੁਸਕ੍ਰਾਹਟ ਪਾਸ ਛੋਤ ਲਗਾਉਣ ਦੀ ਸਮਰੱਥਾ ਹੁੰਦੀ ਹੈ । ਉਹ ਹੋਰਨਾਂ ਦੇ ਅੰਦਰੋਂ ਨਿਹਿਤ ਮੁਸਕ੍ਰਾਹਟਾਂ ਜਗਾ ਦੇਂਦੀ ਹੈ । ਤਦੇ ਤਾਂ ਕਿਸੇ ਨੂੰ ਮੁਸਕ੍ਰਾਉਂਦਾ ਵੇਖ ਕੇ ਅਸੀਂ ਵੀ ਮੁਸਕ੍ਰਾਉਣ ਲੱਗਦੇ ਹਾਂ । ਤਦੇ ਤਾਂ ਖਿੜੇ ਮੱਥੇ ਮਿਲਣ ਵਾਲੇ ਨੂੰ ਅਸੀਂ ਵੀ ਖਿੜੇ ਮੱਥੇ ਮਿਲਦੇ ਹਾਂ । ਤਦੇ ਤਾਂ ਬਹਾਰ ਦਾ ਖੇੜਾ ਵੇਖ ਕੇ ਅਸੀਂ ਵੀ ਬਾਗ਼ ਬਾਗ਼ ਹੋ ਜਾਂਦੇ ਹਾਂ ।
4) ਅਰਦਾਸ
ਅਰਦਾਸ, ਸਿਦਕ ਦੇ ਅਭਿਆਸ ਦਾ ਪ੍ਰਮੁੱਖ ਸਾਧਨ ਹੈ । ਸਿੱਖ ਅਰਦਾਸ ਨ ਕੇਵਲ ਪੰਥ ਦੇ ਗੌਰਵ ਭਰਪੂਰ ਇਤਿਹਾਸ ਦਾ ਖੁਲਾਸਾ ਹੀ ਹੈ, ਗੁਰਮਤਿ ਧਰਮ-ਵਿਗਿਆਨ ਦਾ ਸਾਰੰਸ਼ ਵੀ ਹੈ । ਇਸ ਦੇ ਭਾਵਾਂ ਨਾਲ ਪਰਿਚਿਤ ਹੋਣਾ, ਆਪਣੇ ਕੌਮੀ ਵਕਾਰ ਨਾਲ ਵੀ ਜੁੜਨਾ ਹੈ ਤੇ ਆਪਣੇ ਧਰਮ-ਸਿੱਧਾਂਤਾਂ ਵਲੋਂ ਸੁਚੇਤ ਹੋਣਾ ਵੀ । ਇਹ ਪੁਸਤਕ ਸਿੱਖ ਅਰਦਾਸ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਵਿਆਖਿਆਉਣ ਦੇ ਨਾਲ ਨਾਲ ਪਾਠਕ ਨੂੰ ਅਰਦਾਸ ਵਿਚ ਜੁੜਨ ਲਈ ਵੀ ਆਮੰਤ੍ਰਿਤ ਕਰਦੀ ਹੈ ।
5) ਹਉਮੈ ਤੋਂ ਤੂੰ ਹੀ ਵੱਲ
ਹਉਮੈ ਬਾਰੇ ਤਕਰੀਬਨ ਸਾਰੇ ਧਰਮਾਂ ਦੀ ਇਹੋ ਮਾਨਤਾ ਹੈ ਕਿ ਇਹ ਸਾਨੂੰ ਬੁਨਿਆਦੀ ਏਕਤਾ ਤੋਂ ਵਖਰਿਆਉਂਦੀ ਹੈ ਤੇ ਇਹ ‘ਨਿਜ’ ਤੇ ‘ਪਰ’, ‘ਵਸਤੂ’ ਤੇ ‘ਅਵਸਤੂ’ ਆਦਿ ਵਿਚ ਨਿਖੇੜਾ ਪਾਉਣ ਵਾਲੀ ਦੰਵਦਾਤਮਕ ਸੋਚਣੀ ਹੈ, ਜੋ ਏਕਤਾ ਨਹੀਂ ਕੇਵਲ ਅਨੇਕਤਾ ਵੇਖਦੀ ਹੈ । ਇਸ ਦੰਵਦ ਕਰਕੇ ਹੀ ਮਨੁੱਖ ਅਸਤਿੱਤਵ ਨੂੰ ਕੇਵਲ ਵਿਰੋਧਤਾਈਆਂ ਰਾਹੀਂ ਹੀ ਵੇਖਦਾ ਹੈ । ਇਹ ਪੁਸਤਕ ਆਤਮ-ਮੰਥਨ ਤੇ ਆਤਮ-ਸਾਧਨਾ ਲਈ ਪ੍ਰੇਰਕ ਰਚਨਾ ਹੈ, ਜੋ ਜਗਿਆਸੂ ਨੂੰ ਹਉਮੈ-ਰੋਗ ਤੋਂ ਛੁਟਕਾਰਾ ਪਾਉਣ ਅਤੇ ‘ਤੂੰ ਹੀ’ ਵੱਲ ਦੇ ਸਫ਼ਰ ਲਈ ਤਿਆਰ ਕਰਦੀ ਹੈ ।
6) ਵਿਸ਼ਵ ਅਰਦਾਸ
ਇਸ ਪੁਸਤਕ ਵਿਚ ਵੱਖ ਵੱਖ ਧਰਮਾਂ, ਸਭਿਆਚਾਰਾਂ, ਆਦਮ ਕਬੀਲਿਆਂ ਆਦਿ ਦੇ ਲੋਕਾਂ ਵੱਲੋਂ ਵੱਖ ਵੱਖ ਸਮਿਆਂ ਤੇ ਵੱਖ ਵੱਖ ਹਾਲਾਤ ਵਿਚ ਕੀਤੀਆਂ ਅਰਦਾਸਾਂ ਨੂੰ ਪੰਜਾਬੀ ਕਵਿਤਾ ਵਿਚ ਤਰਜਮਾਨ ਕੀਤਾ ਗਿਆ ਹੈ । ਇਨ੍ਹਾਂ ਅਰਦਾਸਾਂ ਵਿਚਲੀ ਅਧਿਆਤਮਕ ਭਾਵਨਾ ਪਾਠਕ ਨੂੰ ਨਿਰਮਲਤਾ ਤੇ ਨਿਰਛਲਤਾ ਨਾਲ ਜੋੜਦੀ ਹੈ ਤੇ ਇਨ੍ਹਾਂ ਵਿਚਲਾ ਕਾਵਿਕ ਸੰਗੀਤ ਹਿਰਦੇ ਦੀਆਂ ਤਰਬਾਂ ਵਿਚ ਇਲਾਹੀ ਨਾਦ ਦੀ ਝੁਣਕਾਰ ਪੈਦਾ ਕਰਦਾ ਹੈ । ਇਹ ਸੰਗ੍ਰਹਿ
ਸਰਬ ਧਰਮ ਸੰਬਾਦ ਦੀ ਅਨੋਖੀ ਰਚਨਾ ਬਣ ਗਿਆ ਹੈ, ਜਿਸ ਰਾਹੀਂ ਕੋਈ ਵੀ ਜਗਿਆਸੂ ਅਰਦਾਸ ਵਿਚ ਜੁੜ ਕੇ ਅਧਿਆਤਮਕ ਮੰਜ਼ਿਲਾਂ ਪ੍ਰਾਪਤ ਕਰ ਸਕਦਾ ਹੈ ।
7) ਅਨੁਭਵ ਪ੍ਰਕਾਸ਼
ਇਸ ਪੁਸਤਕ ਵਿਚ ਲੇਖਕ ਨੇ ਨਾਮ, ਸੇਵਾ, ਵਾਹਿਗੁਰੂ ਆਦਿ ਸੰਕਲਪਾਂ ਦੀ ਵਿਆਖਿਆ ਕਰ ਕੇ ਸਿੱਖ ਅਧਿਆਤਮ ਸ਼ਾਸਤਰ ਦੀ ਸਿਰਜਣਾ ਕੀਤੀ ਹੈ। ਗੁਰਬਾਣੀ ਦੀਆਂ ਤੁਕਾਂ ਦੇ ਹਵਾਲਿਆ ਦੀ ਭਰਪੂਰ ਵਰਤੋਂ ਤੋਂ ਇਲਾਵਾ, ਉਹਨਾਂ ਨੇ ਕਹਾਣੀਆਂ, ਮਿਸਾਲਾਂ, ਸਾਖੀਆਂ, ਕਥਾਵਾਂ, ਦੂਜੇ ਧਰਮਾਂ ਦਾ ਫਲਸਫਾ ਤੇ ਮਿਥਿਹਾਸ, ਬ੍ਰਹਿਮੰਡ ਦੇ ਹਵਾਲੇ, ਆਪ ਬੀਤੀਆਂ ਆਦਿ ਬਹੁਤ ਸਾਰੇ ਹਵਾਲਿਆਂ ਦੀ ਵਰਤੋਂ ਕਰਦਿਆਂ ਦੂਜੇ ਧਾਰਮਿਕ ਫਲਸਫਿਆਂ ਨਾਲ ਤੁਲਨਾ ਵੀ ਕੀਤੀ ਹੈ। ਪੁਸਤਕ ਦੇ ਅਖੀਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਗੁਰਬਾਣੀ ਦੇ ਟੀਕਿਆਂ ਦਾ ਵੇਰਵਾ ਦਿੰਦਿਆਂ ਉਹਨਾਂ ਦਾ ਮੁਲਾਂਕਣ ਵੀ ਕੀਤਾ ਹੈ। ਇਸ ਤਰ੍ਹਾਂ ਇਹ ਪੁਸਤਕ ਅਧਿਆਤਮਕ ਗਿਆਨ ਨਾਲ ਭਰਪੂਰ ਹੈ।
Reviews
There are no reviews yet.