ਇਸ ਪੁਸਤਕ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਜ-ਸ਼ੈਲੀ ਅਤੇ ਸੰਸਥਾ ਦੇ ਅਧੀਨ ਸਾਰੇ ਮਹਿਕਮਿਆਂ ਉਪਰ ਸਿਆਸੀ ਪ੍ਰਭਾਵ ਦੇ ਪ੍ਰਭਾਵ ਬਾਰੇ ਵਿਸਥਾਰ ਨਾਲ ਦਸਿਆ ਗਿਆ ਹੈ । ਲੇਖਕ ਨੇ ਦੋ ਸਾਲ ਇਸ ਸੰਸਥਾ ਵਿਚ ਬਤੌਰ ਮੁੱਖ ਸਕੱਤਰ ਵਜੋਂ ਸੇਵਾ ਕੀਤੀ ਅਤੇ ਫਿਰ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਇਹਨਾਂ ਸਾਲਾਂ ਵਿਚ ਜੋ ਮਹਿਸੂਸ ਕੀਤਾ ਅਤੇ ਦੇਖਿਆ, ਉਹ ਇਸ ਪੁਸਤਕ ਵਿਚ ਲਿੱਖ ਦਿੱਤਾ। ਇਹ ਪੁਸਤਕ ਲਿਖਣ ਦਾ ਮੰਤਵ ਸਿੱਖਾਂ ਦੀ ਇਸ ਮਾਣ-ਮਤੀ ਸੰਸਥਾ ਵਿਚ ਸੁਧਾਰ ਲਿਆਉਣਾ ਹੈ ।
ਲੇਖਕ ਵੱਲੋਂ ਕੁਝ ਸ਼ਬਦ :
“ਮੈਨੂੰ ਮਹਿਸੂਸ ਹੋਇਆ ਕਿ ਸ਼੍ਰੋਮਣੀ ਕਮੇਟੀ 1925 ਦੇ ਐਕਟ ਮੁਤਾਬਿਕ ‘ਗੁਰਦੁਆਰਾ ਪ੍ਰਬੰਧਕ ਕਮੇਟੀ’ ਹੈ, ਪਰ ਇਸ ਵਿੱਚੋਂ ਪ੍ਰਬੰਧਨ ਦੀ ਕੁਸ਼ਲਤਾ ਅਤੇ ਨੈਤਿਕਤਾ ਲਗਭਗ ਮਨਫ਼ੀ ਹੈ। ਬਹੁਗਿਣਤੀ ਵਿੱਚ ਘੱਟਗਿਣਤੀ ਵਾਂਗ ਵਿਚਰਦਿਆਂ ਮੇਰੇ ਕੋਲ਼ੋਂ ਜੋ ਹੋ ਸਕਿਆ, ਮੈਂ ਕੀਤਾ। ਜੋ ਨਹੀਂ ਹੋਣ ਦਿੱਤਾ ਜਾ ਰਿਹਾ, ਓਸੇ ਦਾ ਨਤੀਜਾ ਹੈ ਕਿ ਇਸ ਵੇਲ਼ੇ ਪੰਥ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਆਪਣੇ ਆਪਣੇ ਕਾਰਣਾਂ ਕਰਕੇ ਇੱਕ ਦੂਜੇ ਨੂੰ ਫੇਲ੍ਹ ਕਰਨ ਵਾਲ਼ੇ ਰਾਹ ਪਏ ਹੋਏ ਹਨ। ਲੱਗਦਾ ਇਹੀ ਹੈ ਕਿ ਇਹ ਨਿਘਾਰ, ਧਰਮ ਅਤੇ ਸਿਆਸਤ ਦੇ ਸੰਗਮ ਕਰਕੇ ਓਨਾ ਨਹੀਂ ਵਾਪਰਿਆ, ਜਿੰਨਾ ਪੰਥਕਤਾ ਦੇ ਸਿਆਸੀ ਅਪਹਰਣ ਨਾਲ਼ ਪੈਦਾ ਹੋ ਰਹੀ ਅਪੰਥਕਤਾ ਕਰਕੇ ਲਗਾਤਾਰ ਵਾਪਰ ਰਿਹਾ ਹੈ। ਇਸ ਨਾਲ਼ ਨਿਭਣ ਦੀ ਅਸਮਰੱਥਾ ਕਾਰਨ ਹੀ ਮੈਨੂੰ ਅਸਤੀਫ਼ਾ ਦੇਣਾ ਪਿਆ ਸੀ। ਮੈਂ ਲਗਾਤਾਰ ਇਸ ਸਵਾਲ ਨਾਲ਼ ਜੂਝਦਾ ਰਿਹਾ ਹਾਂ ਕਿ ਅਮੀਰ ਵਿਰਾਸਤ ਦੇ ਮਾਲਕ ਸਿੱਖ, ਗ਼ਰੀਬ ਕਿਉਂ ਲੱਗਣ ਲੱਗ ਪਏ ਹਨ? ਇਸ ਦਾ ਜਾਵਾਬ ਇਸ ਪੁਸਤਕ ਰਾਹੀਂ ਗੁਰੂ ਪੰਥ ਦੀ ਕਚਹਿਰੀ ਵਿੱਚ ਪੇਸ਼ ਕਰ ਰਿਹਾ ਹਾਂ।
ਇਹ ਗੁਰੂ ਪੰਥ ਨੇ ਵੇਖਣਾ ਹੈ ਕਿ ਪੰਥ ਨੂੰ ਘੁਣ ਵਾਂਗ ਖਾਈ ਜਾ ਰਹੀ ਸਿਆਸਤ ਨਾਲ਼ ਕਿਵੇਂ ਨਿਪਟਣਾ ਹੈ? ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇ ਆਪਣੀ ਬਿਹਤਰੀ ਦੀ ਸੰਭਾਲ਼ ਆਪ ਨਹੀਂ ਕਰ ਸਕਦੇ ਤਾਂ ਉਸ ਵਰਤਣ ਅਤੇ ਵਿਗਾੜਨ ਵਾਲ਼ਿਆਂ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਮੰਜ਼ਿਲਾਂ ਸਰ ਕਰਨ ਲਈ ਪਹਿਲਾਂ ਕਦਮ ਤਾਂ ਚੁੱਕਣਾ ਹੀ ਪੈਣਾ ਹੈ।”
– ਹਰਚਰਨ ਸਿੰਘ
Reviews
There are no reviews yet.