‘ਮੂਸੇਵਾਲਾ ਕੌਣ’ ਕਿਤਾਬ ਬਾਰੇ ਸੰਖੇਪ ਜਾਣਕਾਰੀ:-
ਸ. ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਇੱਕ ਕਲਾਕਾਰ ਜਾਂ ਇੱਕ ਰੈਪਰ ਦੇ ਤੌਰ ‘ਤੇ ਤਕਰੀਬਨ ਸਾਰੇ ਹੀ ਜਾਣਦੇ ਹਨ ਪਰ ਉਸ ਦਾ ਅਸਲ ਰੂਪ ਜਿਹੜਾ ਪੰਜਾਬ ਅਤੇ ਪੰਜਾਬੀਅਤ ਪੱਖੀ ਸੀ ਉਹ ਬਹੁਤ ਘੱਟ ਲੋਕ ਜਾਣਦੇ ਹਨ। ਇਸ ਕਿਤਾਬ ‘ਚ ਅਣਖ਼ੀ ਪੰਜਾਬ ਦੇ ਅਣਖ਼ੀਲੇ ਪੰਜਾਬੀ ਸਿੱਧੂ ਮੂਸੇਵਾਲਾ ਦੀ ਦਾਸਤਾਨ ਲਿਖੀ ਗਈ ਹੈ ਜਿਸ ਤੋਂ ਸਰਕਾਰਾਂ ਨੂੰ ਖ਼ਤਰਾ ਮਹਿਸੂਸ ਹੁੰਦਾ ਸੀ ਤੇ ਨਸ਼ੇ ਦੇ ਵਪਾਰੀਆਂ, ਫਿਰੌਤੀਆਂ ਮੰਗਣ ਵਾਲ਼ਿਆਂ ਤੇ ਸਰਮਾਏਦਾਰਾਂ ਨੂੰ ਜਦੋਂ ਉਸ ਨੇ ਟੱਕਰ ਦੇਣੀ ਸ਼ੁਰੂ ਕੀਤੀ, ਨੌਜਵਾਨਾਂ ਨੂੰ ਜਗਾ ਕੇ ਆਪਣੇ ਮੂਲ ਨਾਲ ਜੋੜਨਾ ਸ਼ੁਰੂ ਕੀਤਾ, ਪੰਜਾਬ ਦੇ ਹੱਕਾਂ ਅਤੇ ਸ਼ਹੀਦਾਂ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਫਿਰ ਸਿੱਧੂ ਮੂਸੇਵਾਲਾ ਦਾ ਇਹਨਾਂ ਸਾਰਿਆਂ ਨੇ ਰਲ਼ ਕੇ ਕਤਲ ਕਰਵਾ ਦਿੱਤਾ।
‘ਸਿੱਧੂ ਮੂਸੇਵਾਲ਼ਾ’ ਜਦੋਂ ਗਾਇਕੀ ’ਚ ਬੁਲੰਦੀਆਂ ਛੂਹ ਰਿਹਾ ਸੀ ਤਾਂ ਉਸ ਨੇ ਆਪਣੇ ਸਿਰੋਂ ਪੱਗ ਨਾ ਉਤਾਰੀ ਜਦਕਿ ਗਾਇਕੀ ਅਤੇ ਫਿਲਮੀ ਖੇਤਰ ’ਚ ਅਕਸਰ ਹੀ ਗਾਇਕ ਅਤੇ ਅਦਾਕਾਰ ਅਜਿਹਾ ਕਰ ਜਾਂਦੇ ਹਨ, ਉਹ ਸਿੱਖ ਪਛਾਣ ਤੋਂ ਦੂਰ ਹੋ ਜਾਂਦੇ ਹਨ, ਕੇਸਾਂ ਅਤੇ ਪੱਗ ’ਚ ਆਪਣੇ ਆਪ ਨੂੰ ਹੀਣਾ ਅਤੇ ਪੱਛੜਿਆ ਹੋਇਆ ਮਹਿਸੂਸ ਕਰਨ ਲਗ ਪੈਂਦੇ ਹਨ, ਪੱਛਮੀ ਸੱਭਿਆਚਾਰ ਕਬੂਲ ਲੈਂਦੇ ਹਨ ਅਤੇ ਪੰਜਾਬ ਨੂੰ ਛੱਡ ਕੇ ਦਿੱਲੀ, ਬੰਬੇ ਜਾਂ ਵਿਦੇਸ਼ਾਂ ‘ਚ ਰਹਿਣ ਨੂੰ ਤਰਜੀਹ ਦਿੰਦੇ ਹਨ। ਪਰ ਸਿੱਧੂ ਮੂਸੇਵਾਲ਼ਾ ਇਸ ਤੋਂ ਬਿਲਕੁਲ ਉਲ਼ਟ ਸੀ ਤੇ ਉਹ ਹੋਰਨਾਂ ਲਈ ਮਿਸਾਲ ਬਣਿਆ। ਉਸ ਨੇ ਕੈਨੇਡਾ ਛੱਡ ਕੇ ਪੰਜਾਬ ਦੀ ਧਰਤੀ ਨੂੰ ਚੁਣਿਆ ਤੇ ਆਪਣੇ ਆਪ ਨੂੰ ‘ਟਿੱਬਿਆ ਦਾ ਪੁੱਤ’ ਅਖਵਾ ਕੇ ਮਾਣ ਮਹਿਸੂਸ ਕੀਤਾ।
ਸਿੱਧੂ ਮੂਸੇਵਾਲ਼ੇ ਦੇ ਚਰਚਿਤ ਗੀਤ ਐੱਸ.ਵਾਈ.ਐੱਲ. ਦੀਆਂ ਇਹ ਲਾਈਨਾਂ ਵੱਡੇ ਅਰਥ ਰੱਖਦੀਆਂ ਹਨ ਕਿ ਜੇ ਦਰਿਆਈ ਪਾਣੀ ਲੁੱਟਣ ਤੋਂ ਬਾਜ ਨਾ ਆਏ ਤਾਂ ‘ਫੇਰ ਭਾਈ ਬਲਵਿੰਦਰ ਸਿੰਘ ਜਟਾਣਾ ਆਊ।’ ਉਸ ਨੇ ਹਕੂਮਤੀ-ਤੰਤਰ ਨੂੰ ਖੁੱਲ੍ਹ ਕੇ ਲਲਕਾਰਿਆ ਤੇ ਸਰਕਾਰ ਨੇ ਗੀਤ ‘ਤੇ ਪਬੰਦੀ ਲਾ ਦਿੱਤੀ। ਅੱਜ ਸਿੱਖ ਅਤੇ ਪੰਜਾਬੀ ਪੂਰੇ ਜਾਹੋ-ਜਲਾਲ ਨਾਲ਼ ਇਸ ਗੀਤ ਦੇ ਬਹਾਨੇ ਅਹਿਦ ਕਰੀ ਦਿਸ ਰਹੇ ਹਨ ਕਿ ਅਸੀਂ ਪੰਜਾਬ ਨੂੰ ਬੰਜਰ ਨਹੀਂ ਹੋਣ ਦਿਆਂਗੇ, ਆਪਣੇ ਹੱਕ ਲੈ ਕੇ ਰਹਾਂਗੇ। ਸਿੱਧੂ ਮੂਸੇਵਾਲਾ ਦੀ ਪੰਥ ਅਤੇ ਪੰਜਾਬ ਪੱਖੀ ਸ਼ਖ਼ਸੀਅਤ ਨੂੰ ਜਾਣਨ-ਪਹਿਚਾਨਣ ਅਤੇ ਉਸ ਦੇ ਕਤਲ ਦੇ ਭੇਦਾਂ ਬਾਰੇ ਸਮਝਣ ਲਈ ਲੇਖਕ ਸੁਰਜੀਤ ਸਿੰਘ ਜਰਮਨੀ ਦੀ ਨਵੀਂ ਛਪੀ ਕਿਤਾਬ ‘ਮੂਸੇਵਾਲਾ ਕੌਣ’ ਜ਼ਰੂਰ ਮੰਗਵਾਓ ਅਤੇ ਪੜ੍ਹੋ।
Reviews
There are no reviews yet.