Shaheed Jaswant Singh Khalra : Soch, Sangarsh te Shahadat by Ajmer Singh
₹ 350.00
ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਪੁੱਜ ਕੇ ਨਿਰਮਾਣ, ਦਿਆਨਤਦਾਰ, ਸਾਦਗੀ ਦਾ ਮੁਜੱਸਮਾ ਤੇ ਨਿਰਭੈ ਯੋਧਾ ਸੀ, ਜੋ ਭਾਰਤੀ ਹਕੂਮਤ ਦੇ ਜਰਵਾਣਿਆਂ ਵੱਲੋਂ ਕੋਹੇ, ਮਾਰੇ ਤੇ ਲਾਪਤਾ ਕੀਤੇ ਗਏ ਲੋਕਾਂ ਦੀ ਅਵਾਜ਼ ਬਣਿਆ।
ਪਿਛਲੇਰੇ ਦਹਾਕਿਆਂ ਵਿੱਚ ਪੰਜਾਬ ਵਿੱਚ ਹਕੂਮਤੀ ਦਹਿਸ਼ਤਗਰਦੀ ਨੇ ਔਰੰਗਜ਼ੇਬੀ ਜ਼ੁਲਮਾਂ ਨੂੰ ਮਾਤ ਪਾ ਦਿੱਤਾ ਸੀ। ਇਸ ਸਮੇਂ ਸਰਦਾਰ ਖਾਲੜਾ ਨੇ ਗੌਰਵਮਈ ਸਿੱਖ ਵਿਰਾਸਤ ਤੋਂ ਪ੍ਰੇਰਨਾ ਤੇ ਗੁਰਬਾਣੀ ਦਾ ਓਟ-ਆਸਰਾ ਲੈ ਕੇ ਪੀੜਿਤ ਵਿਅਕਤੀਆਂ ਦੀ ਹਰ ਢੰਗ ਨਾਲ਼ ਮਦਦ ਕਰਨ ਦਾ ਬੀੜਾ ਚੁੱਕਿਆ। ਉਸ ਨੇ ਰੋਸ-ਧਰਨਿਆਂ, ਮਾਰਚਾਂ ਤੇ ਭੁੱਖ ਹੜਤਾਲਾਂ ਦੇ ਜਮਹੂਰੀ ਢੰਗਾਂ ਰਾਹੀਂ ਪੀੜਿਤਾਂ ਤੇ ਦੁਖਿਆਰਿਆਂ ਨੂੰ ਢਾਰਸ ਦਿੱਤੀ। ਪੁਲੀਸ ਦੀ ਧੱਕੇਸ਼ਾਹੀ ਬਾਰੇ ਉਸ ਨੇ ਠੋਸ ਤੱਥ ਇਕੱਠੇ ਕਰ ਕੇ ਭਾਰਤ ਦੀਆਂ ਅਦਾਲਤਾਂ, ਮਨੁੱਖੀ ਅਧਿਕਾਰ ਕਮਿਸ਼ਨ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗਵਰਨਰ, ਪਾਰਲੀਮੈਂਟ ਦੇ ਮੈਂਬਰਾਂ ਤੋਂ ਲੈ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲ਼ੀਆਂ ਕੌਮਾਂਤਰੀ ਸੰਸਥਾਵਾਂ ਤੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨਾਲ਼ ਹਰ ਜਗ੍ਹਾ ਦਾਦ-ਫ਼ਰਿਆਦ ਕੀਤੀ।
ਹੱਕ-ਸੱਚ, ਨਿਆਂ ਤੇ ਮਨੁੱਖੀ ਹੱਕਾਂ ਲਈ ਜੂਝਦਿਆਂ ਜਦੋਂ ਸਰਦਾਰ ਖਾਲੜਾ ਨੇ ਪੁਲੀਸ ਵੱਲੋਂ ਕੋਹ-ਕੋਹ ਕੇ ਮਾਰੇ ਤੇ ਲਾਪਤਾ ਕਹਿ ਕੇ ਸਾੜੇ ੨੫ ਹਜ਼ਾਰ ਸਿੱਖ ਨੌਜਵਾਨਾਂ ਦਾ ਚਿੱਠਾ, ਸਬੂਤਾਂ ਸਹਿਤ ਵਿਸ਼ਵ-ਕਟਹਿਰੇ ਵਿੱਚ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਜਰਵਾਣੇ ਬੌਖ਼ਲਾ ਉੱਠੇ ਅਤੇ ਉਹਨਾਂ ਨੇ ਇਸ ਹੱਕੀ ਅਵਾਜ਼ ਨੂੰ ਸ਼ਰੇਆਮ ਅਗਵਾ ਕਰ ਕੇ ਅਸਹਿ ਤਸੀਹੇ ਦੇ ਕੇ ਖ਼ਤਮ ਕਰ ਦਿੱਤਾ। ਸਰਦਾਰ ਖਾਲੜਾ ਇਸ ਵਹਿਸ਼ੀ ਜਬਰ ਦੇ ਸਨਮੁੱਖ ਪੂਰੀ ਤਰ੍ਹਾਂ ਅਡੋਲ ਤੇ ਸ਼ਾਂਤ-ਚਿੱਤ ਰਿਹਾ ਅਤੇ ਉਸ ਨੇ ਸਾਰੇ ਜਿਸਮਾਨੀ ਤੇ ਮਾਨਿਸਕ ਕਸ਼ਟਾਂ ਨੂੰ ਗੁਰੂ ਦਾ ਭਾਣਾ ਮੰਨ ਕੇ ਕਬੂਲ ਕੀਤਾ।
ਇਸ ਵਿਲੱਖਣ ਲੋਕ-ਨਾਇਕ ਦੀ ਸੰਘਰਸ਼ਮਈ ਜੀਵਨ-ਗਾਥਾ ਨੂੰ ਸ. ਅਜਮੇਰ ਸਿੰਘ ਨੇ ਸੰਤੁਲਿਤ ਢੰਗ ਨਾਲ਼ ਬਿਆਨ ਕੀਤਾ ਹੈ ਤੇ ਉਸ ਦੀਆਂ ਮੂਲ ਲਿਖਤਾਂ ਨਾਲ਼ ਸਾਂਝ ਪਵਾ ਕੇ ਉਸ ਦੀ ਬੌਧਿਕ ਪ੍ਰਤਿਭਾ ਨੂੰ ਵੀ ਉਜਾਗਰ ਕੀਤਾ ਹੈ।
| Weight | .600 kg |
|---|
You must be logged in to post a review.

Reviews
There are no reviews yet.